1 Chronicles 17

1ਜਦੋਂ ਦਾਊਦ ਆਪਣੇ ਮਹਿਲ ਵਿੱਚ ਰਹਿਣ ਲੱਗਿਆ, ਤਾਂ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ, ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਦੇ ਵਿੱਚ ਰਹਿੰਦਾ ਹਾਂ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਹੈ ।” 2ਤਾਂ ਨਾਥਾਨ ਨੇ ਦਾਊਦ ਨੂੰ ਆਖਿਆ ਕਿ ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਉਹ ਕਰ, ਕਿਉਂਕਿ ਪਰਮੇਸ਼ੁਰ ਤੇਰੇ ਨਾਲ ਹੈ ।

3ਫਿਰ ਉਸੇ ਰਾਤ ਪਰਮੇਸ਼ੁਰ ਦੀ ਬਾਣੀ ਨਾਥਾਨ ਨੂੰ ਆਈ 4ਕਿ ਤੂੰ ਜਾ, ਅਤੇ ਮੇਰੇ ਦਾਸ ਦਾਊਦ ਨੂੰ ਆਖ ਕਿ ਯਹੋਵਾਹ ਇਹ ਆਖਦਾ ਹੈ, “ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ 5ਕਿਉਂਕਿ ਮੈਂ ਜਦੋਂ ਦਾ ਇਸਰਾਏਲ ਨੂੰ ਉਤਾਂਹ ਲਿਆਇਆ ਹਾਂ, ਅਜੇ ਤੱਕ ਕਿਸੇ ਭਵਨ ਵਿੱਚ ਨਾ ਵੱਸਿਆ ਸਗੋਂ ਤੰਬੂ ਤੋਂ ਤੰਬੂ ਅਤੇ ਡੇਰੇ ਤੋਂ ਡੇਰੇ ਵਿੱਚ ਫਿਰਦਾ ਰਿਹਾ ਹਾਂ । 6ਅਤੇ ਜਿੱਥੇ-ਜਿੱਥੇ ਮੈਂ ਸਾਰੇ ਇਸਰਾਏਲ ਨਾਲ ਫਿਰਦਾ ਰਿਹਾ ਹਾਂ, ਕੀ ਮੈਂ ਇਸਰਾਏਲ ਦੇ ਨਿਆਈਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ, ਕਿਸੇ ਨੂੰ ਕਦੀ ਆਖਿਆ ਕਿ ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ ? “

7ਇਸ ਲਈ ਤੂੰ ਹੁਣ ਮੇਰੇ ਦਾਸ ਦਾਊਦ ਨੂੰ ਇਹ ਆਖ ਕਿ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਉੱਥੋਂ ਕੱਢ ਕੇ ਜਿੱਥੇ ਤੂੰ ਭੇਡਾਂ ਚਰਾਉਂਦਾ ਸੀ, ਆਪਣੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ, 8ਜਿੱਥੇ ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਤੇ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ, ਮੈਂ ਜਗਤ ਦੇ ਵੱਡੇ ਨਾਮੀ ਲੋਕਾਂ ਵਾਂਗੂੰ ਤੇਰਾ ਨਾਮ ਵੀ ਵੱਡਾ ਕੀਤਾ,

9ਮੈਂ ਆਪਣੀ ਇਸਰਾਏਲੀ ਪਰਜਾ ਦੇ ਲਈ ਇੱਕ ਥਾਂ ਠਹਿਰਾਵਾਂਗਾ ਅਤੇ ਉਸ ਨੂੰ ਟਿਕਾਵਾਂਗਾ ਤਾਂ ਕਿ ਉਹ ਆਪਣੇ ਹੀ ਥਾਂ ਵਿੱਚ ਵੱਸਣ ਅਤੇ ਫੇਰ ਕਦੀ ਇੱਧਰ-ਉੱਧਰ ਨਾ ਭਟਕਣ ਅਤੇ ਅਪਰਾਧੀਆਂ ਦੇ ਪੁੱਤਰ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਫੇਰ ਵਿਗਾੜ ਨਾ ਕਰਨਗੇ, 10ਨਾ ਉਸ ਦਿਨ ਵਾਂਗੂੰ ਜਿਸ ਵਿੱਚ ਮੈਂ ਨਿਆਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੇ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਦਬਾਵਾਂਗਾ, ਮੈਂ ਤੈਨੂੰ ਇਹ ਵੀ ਆਖਦਾ ਹਾਂ, “ਯਹੋਵਾਹ ਤੇਰੇ ਲਈ ਇੱਕ ਘਰਾਣਾ ਬਣਾਵੇਗਾ ।

11ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਤੇ ਤੈਨੂੰ ਆਪਣੇ ਪੁਰਖਿਆਂ ਦੇ ਕੋਲ ਜਾਣਾ ਪਵੇਗਾ, ਤਾਂ ਅਜਿਹਾ ਹੋਵੇਗਾ ਕਿ ਮੈਂ ਤੇਰੇ ਪਿੱਛੋਂ ਤੇਰੇ ਪੁੱਤਰਾਂ ਵਿੱਚੋਂ ਤੇਰੇ ਅੰਸ ਨੂੰ ਇਸਥਿਰ ਕਰਾਂਗਾ ਅਤੇ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ, 12ਉਹ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਗੱਦੀ ਸਦਾ ਤੱਕ ਅਟੱਲ ਰੱਖਾਂਗਾ,

13ਮੈਂ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸ ਦੇ ਉੱਤੋਂ ਆਪਣੀ ਦਯਾ ਹਟਾ ਨਾ ਲਵਾਂਗਾ, ਜਿਵੇਂ ਮੈਂ ਉਸ ਤੋਂ ਹਟਾ ਲਈ ਜਿਹੜਾ ਤੇਰੇ ਨਾਲੋਂ ਪਹਿਲਾਂ ਸੀ, 14ਸਗੋਂ ਮੈਂ ਉਹ ਨੂੰ ਆਪਣੇ ਭਵਨ ਵਿੱਚ ਅਤੇ ਆਪਣੇ ਰਾਜ ਵਿੱਚ ਸਦਾ ਤੱਕ ਇਸਥਿਰ ਕਰਾਂਗਾ, ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਦ੍ਰਿੜ ਰਹੇਗੀ ।” 15ਤਾਂ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਊਦ ਨੂੰ ਆਖਿਆ ।

16ਤਾਂ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਹਜ਼ੂਰ ਬੈਠ ਕੇ ਆਖਿਆ, “ਹੇ ਯਹੋਵਾਹ ਪਰਮੇਸ਼ੁਰ, ਮੈਂ ਕੌਣ ਹਾਂ ਅਤੇ ਮੇਰੀ ਕੁਲ ਕੀ ਹੈ, ਕਿ ਤੂੰ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ? 17ਹੇ ਪਰਮੇਸ਼ੁਰ ਇਹ ਤਾਂ ਤੇਰੇ ਲਈ ਇੱਕ ਛੋਟੀ ਜਿਹੀ ਗੱਲ ਸੀ ਪਰ ਤੂੰ ਆਪਣੇ ਦਾਸ ਦੀ ਕੁਲ ਦੇ ਬਾਰੇ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ ਅਤੇ ਹੇ ਯਹੋਵਾਹ ਪਰਮੇਸ਼ੁਰ ਮੇਰੇ ਉੱਤੇ ਅਜਿਹੀ ਕਿਰਪਾ ਦ੍ਰਿਸ਼ਟ ਕੀਤੀ ਕਿ ਜਿਵੇਂ ਮੈਂ ਵੱਡੀ ਪੱਦਵੀ ਵਾਲਾ ਮਨੁੱਖ ਹਾਂ !” 18ਦਾਊਦ ਉਸ ਵਡਿਆਈ ਦੇ ਲਈ ਕੀ ਆਖੇ ਜਿਹੜੀ ਤੂੰ ਆਪਣੇ ਦਾਸ ਨੂੰ ਦਿੱਤੀ ? ਕਿਉਂ ਜੋ ਤੂੰ ਆਪਣੇ ਦਾਸ ਨੂੰ ਜਾਣਦਾ ਹੈਂ ?

19ਹੇ ਯਹੋਵਾਹ ਆਪਣੇ ਸੇਵਕ ਦੇ ਲਈ ਇਹ ਸਾਰਾ ਵਡਿਆਈ ਵਾਲਾ ਕੰਮ ਆਪਣੇ ਮਨ ਦੇ ਅਨੁਸਾਰ ਕੀਤਾ, ਤਾਂ ਕਿ ਸਾਰੀਆਂ ਵਡਿਆਈਆਂ ਪਰਗਟ ਹੋਣ 20ਹੇ ਯਹੋਵਾਹ, ਤੇਰੇ ਤੁੱਲ ਕੋਈ ਨਹੀਂ ਹੈ ਅਤੇ ਤੇਰੇ ਤੋਂ ਬਿਨ੍ਹਾਂ ਜਿੱਥੋਂ ਤੱਕ ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਹੋਰ ਕੋਈ ਪਰਮੇਸ਼ੁਰ ਨਹੀਂ ਹੈ 21ਅਤੇ ਸਾਰੇ ਜਗਤ ਵਿੱਚ ਹੋਰ ਕਿਹੜੀ ਜਾਤ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਤਾਂ ਕਿ ਉਸ ਨੂੰ ਆਪਣੀ ਪਰਜਾ ਬਣਾਵੇ, ਵੱਡੇ-ਵੱਡੇ ਤੇ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ ਅਤੇ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਵਿੱਚੋਂ ਛੁਡਾ ਲਿਆਇਆ, ਕੌਮਾਂ ਨੂੰ ਕੱਢ ਦਿੱਤਾ ।

22ਕਿਉਂ ਜੋ ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦੀਪਕ ਕਾਲ ਤੱਕ ਆਪਣੀ ਪਰਜਾ ਬਣਾਇਆ ਅਤੇ ਹੇ ਯਹੋਵਾਹ, ਤੂੰ ਆਪ ਉਨ੍ਹਾਂ ਦਾ ਪਰਮੇਸ਼ੁਰ ਬਣਿਆ । 23ਸੋ ਹੁਣ ਹੇ ਯਹੋਵਾਹ, ਉਹ ਬਚਨ ਜਿਹੜਾ ਤੂੰ ਆਪਣੇ ਦਾਸ ਅਤੇ ਉਸ ਦੀ ਕੁਲ ਦੇ ਲਈ ਆਖਿਆ ਸੀ, ਸਦਾ ਤੱਕ ਇਸਥਿਰ ਹੋਵੇ ਅਤੇ ਤੂੰ ਆਪਣੇ ਬਚਨ ਦੇ ਅਨੁਸਾਰ ਕਰ 24ਹਾਂ, ਉਹ ਇਸਥਿਰ ਹੋਵੇ ਅਤੇ ਤੇਰੇ ਨਾਮ ਦੀ ਮਹਿਮਾ ਸਦੀਪਕ ਕਾਲ ਤੱਕ ਪ੍ਰਸਿੱਧ ਹੋਵੇ, ਅਤੇ ਆਖਿਆ ਜਾਵੇ ਜੋ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ, ਹਾਂ, ਇਸਰਾਏਲ ਦੇ ਲਈ ਪਰਮੇਸ਼ੁਰ ਹੈ, ਅਤੇ ਤੇਰੇ ਦਾਸ ਦਾਊਦ ਦੀ ਕੁਲ ਤੇਰੇ ਅੱਗੇ ਅਟੱਲ ਰਹੇ

25ਕਿਉਂ ਜੋ ਹੇ ਪਰਮੇਸ਼ੁਰ, ਤੂੰ ਆਪਣੇ ਦਾਸ ਦਾ ਕੰਨ ਖੋਲ੍ਹਿਆ ਕਿ ਤੂੰ ਉਹ ਦੇ ਲਈ ਘਰਾਣਾ ਬਣਾਵੇਂਗਾ, ਇਸੇ ਕਾਰਨ ਤੇਰੇ ਦਾਸ ਨੇ ਤੇਰੇ ਅੱਗੇ ਅਰਦਾਸ ਕਰਨ ਦਾ ਹੌਂਸਲਾ ਕੀਤਾ । 26ਹੇ ਯਹੋਵਾਹ, ਤੂੰ ਹੀ ਤਾਂ ਪਰਮੇਸ਼ੁਰ ਹੈ, ਅਤੇ ਤੂੰ ਹੀ ਆਪਣੇ ਦਾਸ ਨੂੰ ਇਸ ਸੁੱਖ ਸਾਂਦ ਦਾ ਬਚਨ ਕੀਤਾ । ਸੋ ਹੁਣ ਤੈਨੂੰ ਚੰਗਾ ਲੱਗਿਆ ਹੈ, ਜੋ ਤੂੰ ਆਪਣੇ ਦਾਸ ਦੀ ਕੁਲ ਨੂੰ ਅਸੀਸ ਦਿੱਤੀ, ਤਾਂ ਕਿ ਉਹ ਤੇਰੇ ਅੱਗੇ ਸਦਾ ਤੱਕ ਇਸਥਿਰ ਰਹੇ, ਕਿਉਂ ਜੋ ਯਹੋਵਾਹ ਤੂੰ ਅਸੀਸ ਦਿੱਤੀ ਹੈ, ਅਤੇ ਉਹ ਸਦਾ ਤੱਕ ਮੁਬਾਰਕ ਰਹੇ ।

27

Copyright information for PanULB